ਬਾਵਾ ਬਲਵੰਤ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਬਾਵਾ ਬਲਵੰਤ (1915-1972): ਪ੍ਰਗਤੀਵਾਦੀ ਪੰਜਾਬੀ ਕਵਿਤਾ ਦੇ ਪ੍ਰਸਿਧ ਕਵੀ ਬਾਵਾ ਬਲਵੰਤ ਦਾ ਜਨਮ ਅਗਸਤ 1915 ਨੂੰ ਠਾਕੁਰ ਦੀਨਾ ਨਾਥ ਦੇ ਘਰ, ਪਿੰਡ ਨੇਸ਼ਟਾ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਬਾਵਾ ਬਲਵੰਤ ਅਜੇ ਚਾਰ ਸਾਲ ਦਾ ਹੋਵੇਗਾ ਜਦੋਂ ਉਸ ਦੇ ਪਿਤਾ ਨੇ ਅੰਮ੍ਰਿਤਸਰ ਵਿਖੇ ‘ਸ਼ਾਹੀ ਵੈਦਿਕ ਸਫ਼ਾਖ਼ਾਨਾ ਪੰਜਾਬ’ ਨਾਮੀ ਹਿਕਮਤ ਦੀ ਦੁਕਾਨ ਸ਼ੁਰੂ ਕੀਤੀ।

     ਪਿਤਾ ਨੇ ਬਾਵਾ ਬਲਵੰਤ ਵਿੱਚ ਪੜ੍ਹਨ ਦੀ ਰੁਚੀ ਪ੍ਰਫੁਲਿਤ ਹੁੰਦੀ ਵੇਖ ਕੇ ਉਹਨਾਂ ਨੂੰ ਫ਼ਾਰਸੀ ਦੀਆਂ ਵਧੀਆ ਪੁਸਤਕਾਂ ਪੜ੍ਹਨ ਲਈ ਮੁਹੱਈਆ ਕਰਵਾਈਆਂ ਅਤੇ ਮਾਤਾ ਹਿੰਦੀ ਵਿੱਚ ਧਾਰਮਿਕ ਪੁਸਤਕਾਂ ਪੜ੍ਹਨ ਦੀ ਪ੍ਰੇਰਨਾ ਦਿੰਦੀ ਰਹੀ।

     ਬਾਵਾ ਬਲਵੰਤ ਬਚਪਨ ਤੋਂ ਹੀ ਅਲਮਸਤ ਸੁਭਾਅ ਦਾ ਸੀ। ਸੰਸਾਰਕ ਕਾਰੋਬਾਰੀ ਸੁਭਾਅ ਦੇ ਬਿਲਕੁਲ ਉਲਟ ਕਲਾਤਮਿਕ ਬਿਰਤੀ ਦਾ ਮਾਲਕ ਸੀ। ਇਸੇ ਕਰ ਕੇ ਬਾਵਾ ਬਲਵੰਤ ਨੇ ਕਈ ਪੇਸ਼ੇ ਅਪਣਾਏ, ਰੋਜ਼ੀ ਲਈ ਕਈ ਜ਼ਫ਼ਰ ਜਾਲੇ ਪਰ ਸਾਰੀ ਉਮਰ ਫਾਕਾਮਸਤੀ ਵਿੱਚ ਗੁਜ਼ਾਰੀ। ਪਰ ਟੈਂ ਕਿਸੇ ਦੀ ਨਹੀਂ ਮੰਨੀ।

     ਬਾਵਾ ਬਲਵੰਤ ਸਿਰੇ ਦਾ ਸ੍ਵੈ-ਮਾਣ ਭਰਪੂਰ ਅਤੇ ਈਮਾਨਦਾਰ ਸੀ। ਨਾ ਲਾਲਚ, ਨਾ ਧੋਖਾ, ਨਾ ਅਧੀਨਗੀ ਤੇ ਨਾ ਖ਼ੌਫ਼। ਇਹੀ ਉਸ ਦੀ ਕਾਵਿਕ-ਬੁਲੰਦੀ ਦਾ ਰਾਜ਼ ਹੈ। ਸ਼ੁਧ ਮਾਨਵੀ ਲਗਾਉ, ਸੁਹਿਰਦ ਹਿਰਦੇ ਦੀ ਪਾਕ ਅਵਾਜ਼ ਅਤੇ ਬੇਪਨਾਹ ਨੈਤਿਕ ਦਲੇਰੀ ਉਸ ਦੀ ਕਵਿਤਾ ਦੇ ਸੋਮੇ ਹਨ। ਵਿਅਕਤੀ ਤੋਂ ਤਾਂ ਕੀ, ਨਾ ਉਹ ਸਟੇਟ ਤੋਂ ਡਰਿਆ, ਨਾ ਧਰਮਾਂ ਦੇ ਖੂੰਂ-ਖਾਰ ਸ਼ਕਤੀ ਰੂਪਾਂ ਤੋਂ ਤੇ ਨਾ ਜ਼ਮਾਨੇ ਦੀਆਂ ਸ਼ਾਤਰ ਚਾਲਾਂ ਤੋਂ। ਅਟੰਕ ਆਪਣੀ ਕਲਾਤਮਿਕ ਬਿਰਤੀ ਤਹਿਤ ਜੀਵਿਆ ਅਤੇ ਵਿਚਰਿਆ।

     ਰੋਜ਼ੀ ਖਾਤਰ ਬਾਵਾ ਬਲਵੰਤ ਨੇ ਮੁਨੀਮੀ ਕੀਤੀ ਪਰ ਛੱਡ ਬੈਠਾ। ਗੱਤੇ ਦੇ ਡੱਬੇ ਬਣਾਏ, ਲਿਫ਼ਾਫ਼ੇ ਬਣਾਏ, ਸੂਤਰ ਰੰਗਾਈ ਦਾ ਕੰਮ ਕੀਤਾ, ਖੱਦਰ ਦੀਆਂ ਟੋਪੀਆਂ ਬਣਾਉਣ ਦਾ ਕੰਮ ਕੀਤਾ, ਕਪੜੇ ਠੇਕਣ ਦਾ ਧੰਦਾ ਕੀਤਾ ਪਰ ਬਾਵਾ ਬਲਵੰਤ ਦੀ ਫ਼ਕੀਰਾਨਾ ਤਰਬੀਅਤ ਨੂੰ ਕੋਈ ਧੰਦਾ ਰਾਸ ਨਾ ਆਇਆ। ਅੰਤ ਕਸਰਤ ਕਰਨ ਤੇ ਕਵਿਤਾ ਲਿਖਣ ਦੇ ਸ਼ੌਕ ਨੂੰ ਹੀ ਸਾਹਾਂ ਨਾਲ ਪਾਲਿਆ। ਵਿੱਚ-ਵਿਚਕਾਰ ਸੰਗੀਤ ਨਾਲ ਮਿੱਤਰਤਾ ਪਾਲ ਲਈ ਅਤੇ ਰੰਗਾਂ ਦੀ ਦੁਨੀਆ ਦੇ ਭੇਤ ਪਾਏ।

     ਜਲ੍ਹਿਆਂ ਵਾਲਾ ਬਾਗ਼ ਦੇ ਸਾਕੇ ਦੇ ਦਿਨਾਂ ਵਿੱਚ ਬਾਵੇ ਦੀ ਨੇੜਤਾ ਅੰਮ੍ਰਿਤਸਰ ਦੇ ਸੁਤੰਤਰਤਾ ਸੰਗਰਾਮੀਆਂ ਨਾਲ ਵਧੀ। ਬਾਵਾ ਬਲਵੰਤ ਇਨਕਲਾਬੀ ਕਵਿਤਾਵਾਂ ਲਿਖਦਾ ਤੇ ਦੇਸ਼ ਭਗਤੀ ਦੀਆਂ ਸਰਗਰਮੀਆਂ ਵਿੱਚ ਸ਼ਾਮਲ ਹੁੰਦਾ ਰਿਹਾ। ਕਾਂਗਰਸ ਦੀ ਸੁਤੰਤਰਤਾ ਲਹਿਰ ਵਿੱਚ ਸਰਗਰਮੀ ਕੀਤੀ ਤਾਂ ਗਰਿਫ਼ਤਾਰੀ ਵਾਰੰਟ ਜਾਰੀ ਹੋ ਗਏ। ਬਾਵਾ ਨੂੰ ਪਕੜਨ ਲਈ ਘਰੇ ਪੁਲਿਸ ਦਾ ਛਾਪਾ ਪਿਆ ਤਾਂ ਉਹ ਖਿਸਕ ਗਿਆ ਤੇ ਰੂਪੋਸ਼ ਹੋਇਆ ਰਿਹਾ। ਇਹਨਾਂ ਦਿਨਾਂ ਵਿੱਚ ਹੀ ਉਸ ਦੀ ਉਰਦੂ ਸ਼ੇਰੇ-ਹਿੰਦ (1930) ਪੁਸਤਕ ਛਪੀ ਤੇ ਸਰਕਾਰ ਨੇ ਜ਼ਬਤ ਕਰ ਲਈ। ਇਸੇ ਸਮੇਂ ਬਾਵਾ ਬਲਵੰਤ ਨੇ ਮਹਾਨ ਇਨਕਲਾਬੀ ਸਾਹਿਤ ਅਤੇ ਫ਼ਲਸਫ਼ੇ ਦਾ ਨਿਠ ਕੇ ਮੁਤਾਲਿਆ ਕੀਤਾ। ਸੁਤੰਤਰਤਾ ਲਹਿਰ ਵਿੱਚ ਸ਼ਮੂਲੀਅਤ ਕੀਤੀ। ਮਾਰਚ 1931 ਵਿੱਚ ਹੋਏ ਗਾਂਧੀ ਇਰਵਨ ਸਮਝੌਤੇ ਪਿੱਛੋਂ ਬਾਵਾ ਬਲਵੰਤ ਦੇ ਗਰਿਫ਼ਤਾਰੀ ਵਾਰੰਟ ਮਨਸੂਖ਼ ਹੋਏ।

     ਜੀਵਨ ਦੇ ਇਸ ਪੜਾਅ ਤੇ ਬਾਵਾ ਬਲਵੰਤ ਦਾ ਵਿਆਹ ਹੋਇਆ ਪਰ ਠੱਗ ਜ਼ਮਾਨੇ ਮੁਤਾਬਕ ਵਿਆਹ ਵਿੱਚ ਠੱਗੀ ਹੀ ਹੋਈ। ਕੁੜੀ, ਉਸ ਮੌਕੇ ਦੇ ਰਿਵਾਜ ਮੁਤਾਬਕ ਬਾਵਾ ਬਲਵੰਤ ਦੇ ਛੋਟੇ ਭਰਾ ਨੂੰ ਵਿਖਾਈ ਗਈ। ਵਿਆਹ ਹੋਇਆ, ਡੋਲੀ ਘਰ ਆਈ ਤਾਂ ਭਰਾ ਮੁਤਾਬਕ ਕੋਈ ਹੋਰ ਕੁੜੀ ਵਿਆਹ ਕੇ ਤੋਰ ਦਿਤੀ ਗਈ। ਬਾਵਾ ਰਾਤੋ- ਰਾਤ ਭੱਜ ਨਿਕਲਿਆ। ਲੁਕ ਗਿਆ। ਕੁੜੀ ਵਾਲੇ ਤਕੜੇ ਸਨ। ਅੰਤ ਦਬਾਅ ਪੈਣ ਤੇ ਸਮਝੌਤਾ ਹੋਇਆ। ਕੁੜੀ ਤੋਂ ਖਹਿੜਾ ਛੁਟਿਆ। ਮੁੜ ਬਾਵੇ ਵਿਆਹ ਦਾ ਨਾਂ ਨਹੀਂ ਲਿਆ। ਇਕੱਲਿਆਂ ਜ਼ਿੰਦਗੀ ਗੁਜ਼ਾਰੀ। ਜੀਵਨ ਦੇ ਇੱਕ ਪੜਾਅ ਤੇ ਬਾਵਾ ਨੂੰ ਇੱਕ ਸੁਹਣੀ ਸਿੰਧਣ ਕੁੜੀ ਕ੍ਰਿਸ਼ਨਾ ਨਾਲ ਇਸ਼ਕ ਹੋ ਗਿਆ।

     ਬਾਵਾ ਬਲਵੰਤ ਦੇ ਇਸ ਸੱਚੇ ਇਸ਼ਕ ਦੇ ਸ਼ਿਦਤੀ ਅਹਿਸਾਸ ਉਸ ਦੀ ਸ਼ਾਇਰੀ ਵਿੱਚ ਬਹੁਤ ਸੁੰਦਰ ਅੰਦਾਜ਼ ਵਿੱਚ ਪ੍ਰਗਟ ਹੋਏ ਹਨ। ਉਸ ਨੇ ਪਿਆਰ ਨੂੰ ਜੀਵਨ-ਸ੍ਰੋਤ, ਜਜ਼ਬਿਆਂ ਦੀ ਪਾਕਿ ਬੁਲੰਦੀ ਅਤੇ ਮਾਨਵੀ ਸ਼ਕਤੀ ਦਾ ਸ੍ਰੋਤ ਮੰਨਿਆ ਤੇ ਦਰਸਾਇਆ ਹੈ, ਇੱਕ ਮੂਲ, ਪਵਿੱਤਰ, ਸ਼ਕਤੀਸ਼ਾਲੀ ਅਤੇ ਪ੍ਰੇਰਕ ਜਜ਼ਬਾ ਤੇ ਰਿਸ਼ਤਾ ਤਸੱਵਰ ਕੀਤਾ ਹੈ।

     ਅੰਮ੍ਰਿਤਸਰ ਰਹਿੰਦਿਆਂ ਬਾਵਾ ਬਲਵੰਤ ਦਾ ਸਾਹਿਤਿਕ ਸਰਕਲ ਕਾਫ਼ੀ ਵਧੀਆ ਬਣਦਾ ਗਿਆ। ਪਰ ਅਜ਼ਾਦੀ ਉਪਰੰਤ ਨੇੜਲੇ ਮਿੱਤਰ ਦਿਲੀ ਵਲ ਤੁਰ ਗਏ ਤਾਂ ਬਾਵਾ ਵੀ ਅੰਮ੍ਰਿਤਸਰੋਂ ਉਪਰਾਮ ਹੋ ਦਿੱਲੀ ਜਾ ਪਹੁੰਚਿਆ। ਉਹਨਾਂ ਪੁਰਾਣੇ ਮਿੱਤਰਾਂ ਸੰਗ-ਦਿੱਲੀ ਦੀਆਂ ਸਾਹਿਤਿਕ ਮਹਿਫ਼ਲਾਂ ਵਿੱਚ ਵਿਚਰਨ ਲਗਾ। ਰੋਜ਼ੀ ਲਈ ਪਾਪੜ ਵੇਲਦਾ ਰਿਹਾ, ਮੁਸ਼ਕਤ ਕਰਦਾ ਰਿਹਾ ਪਰ ਕਲਾ ਦੇ ਸ਼ੌਕ ਨੂੰ ਸਿਰੇ ਤੱਕ ਪਾਲਿਆ।

     ਸ਼ੇਰੇ-ਹਿੰਦ ਬਾਵਾ ਬਲਵੰਤ ਦੀ ਪਹਿਲੀ ਕਾਵਿ-ਪੁਸਤਕ ਹੈ ਜੋ ਉਰਦੂ ਵਿੱਚ 1930 ਵਿੱਚ ਛਪੀ। ਇਸ ਵਿੱਚ ਇਨਕਲਾਬੀ ਭਾਵਾਂ ਵਾਲੀਆਂ ਅਤੇ ਦੇਸ਼ ਭਗਤੀ ਦੇ ਵਿਸ਼ਿਆਂ ਨਾਲ ਸੰਬੰਧਿਤ ਕਵਿਤਾਵਾਂ ਸ਼ਾਮਲ ਸਨ ਜਿਨ੍ਹਾਂ ਰਾਹੀਂ ਬਾਵਾ ਬਲਵੰਤ ਨੇ ਅੰਗਰੇਜ਼ੀ ਹਕੂਮਤ ਦੀ ਗ਼ੁਲਾਮੀ ਤੋਂ ਖ਼ੁਲਾਸੀ ਅਤੇ ਸੁਤੰਤਰਤਾ ਦੀ ਭਾਵਨਾ ਨੂੰ ਖ਼ੂਬਸੂਰਤੀ ਨਾਲ ਪ੍ਰਗਟ ਕੀਤਾ। ਇਹ ਉਸ ਵੇਲੇ ਦੀ ਅੰਗਰੇਜ਼ੀ ਸਰਕਾਰ ਨੇ ਜ਼ਬਤ ਕਰ ਲਈ।

     ਮਹਾਂਨਾਚ ਬਾਵਾ ਬਲਵੰਤ ਦੀ 1941 ਵਿੱਚ ਛਪੀ ਪਹਿਲੀ ਪੰਜਾਬੀ ਕਾਵਿ-ਪੁਸਤਕ ਸੀ। ਇਸ ਪੁਸਤਕ ਦੇ ਛਪਣ ਨਾਲ ਇਕਦਮ ਹੀ ਬਾਵਾ ਬਲਵੰਤ ਦੀ ਸਮਰੱਥ, ਪ੍ਰਪੱਕ ਅਤੇ ਨਿਪੁੰਨ ਕਵੀ ਵਜੋਂ ਪ੍ਰਸਿਧੀ ਅਤੇ ਪ੍ਰਵਾਨਗੀ ਸਾਰੇ ਪੰਜਾਬੀ ਸੰਸਾਰ ਵਿੱਚ ਹੋ ਗਈ। ਉਸ ਦੀ ਕਾਵਿ- ਸੋਝੀ, ਪ੍ਰਗਤੀਵਾਦੀ ਵਿਚਾਰਧਾਰਾ, ਵਿਚਾਰਾਂ ਦੀ ਪੁਖ਼ਤਗੀ, ਪ੍ਰਚੰਡ ਮਾਨਵੀ ਲਗਾਉ, ਮਨਮੋਹਕ ਸੰਬੋਧਨੀ ਸ਼ੈਲੀ, ਭਾਵਾਂ ਦੀ ਰਵਾਨਗੀ, ਤੁਕਾਂਤ ਦੀ ਸੂਰਬੀਰਤਾ ਅਤੇ ਨਜ਼ਮ ਦੀ ਇੱਕਸੁਰ ਪ੍ਰਗੀਤਕਤਾ ਨੇ ਪੰਜਾਬੀ ਵਿਦਵਾਨਾਂ ਤੇ ਆਮ ਪਾਠਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਇਸ ਸੰਗ੍ਰਹਿ ਦੀ ਪਹਿਲੀ ਨਜ਼ਮ ਹੀ ਬਾਵਾ ਬਲਵੰਤ ਦੀਆਂ ਹੀ ਨਹੀਂ ਸਗੋਂ ਪੰਜਾਬੀ ਦੀਆਂ ਕਲਾਸਿਕ ਨਜ਼ਮਾਂ ਵਿੱਚ ਉੱਤਮ ਦਰਜਾ ਰੱਖਦੀ ਹੈ। ਨਜ਼ਮ ਦਾ ਨਾਂ ਹੈ ‘ਬਾਗ਼ੀ`। ਇਸ ਦੇ ਮੁਢਲੇ ਬੋਲ ਇਉਂ ਹਨ :

ਮੈਂ ਬਾਗ਼ੀ, ਮੈਂ ਬਾਗ਼ੀ, ਮੈਂ ਆਕੀ, ਮੈਂ ਆਕੀ।

ਮੈਂ ਇੱਕ ਅਮਰ ਸ਼ਕਤੀ, ਮੈਂ ਬਾਕੀ, ਮੈਂ ਬਾਕੀ।

ਮੈਂ ਦੁਨੀਆ ਦੀ ਹਰ ਇੱਕ ਬਗ਼ਾਵਤ ਦਾ ਬਾਨੀ

          ਮੈਂ ਹਰਕਤ, ਮੈਂ ਸਤਾ, ਮੈਂ ਚੇਤਨ ਜਵਾਨੀ।

     ਇੱਕ ਗਹਿਰਾ ਦਾਰਸ਼ਨਿਕ ਭਾਵ-ਬੋਧ, ਇੱਕ ਪ੍ਰਚੰਡ ਭਾਵਨਾਗਤ ਅਹਿਸਾਸ, ਇੱਕ ਵੇਗਮਈ ਸੰਗੀਤਕ ਲੈਅ, ਇੱਕ ਨਿਰੰਤਰ ਭਾਵ-ਪ੍ਰਬੰਧ ਦਾ ਕ੍ਰਮਿਕ ਵਿਕਾਸ, ਇੱਕ ਕਦੀਮੀ ਮਾਨਵੀ ਇੱਛਾ ਇਸ ਨਜ਼ਮ ਦਾ ਹਾਸਲ ਹੈ ਜੋ ਬਾਵਾ ਬਲਵੰਤ ਦੀ ਕਵਿਤਾ ਦਾ ਹੀ ਨਹੀਂ, ਆਧੁਨਿਕ ਪੰਜਾਬੀ ਕਵਿਤਾ ਦਾ ਵੱਡਾ ਹਾਸਲ ਹੋ ਨਿਬੜੀ। ਬੰਦਰਗਾਹ, ਸੁਗੰਧ, ਸਮੀਰ ਉਸ ਦੇ ਹੋਰ ਕਾਵਿ ਸੰਗ੍ਰਹਿ ਹਨ।

  ਸਮਾਜਵਾਦ, ਫੇਰ ਪਾਰੋ ਨੇ ਕਿਹਾ, ਸਾਗ ਵਾਲੀ, ਊਠਾਂ ਵਾਲੇ, ਜਹਾਜ਼ਰਾਨ, ਸਾਹਿਤਕਾਰ, ਬੰਦਰਗਾਹ, ਊਸ਼ਾ, ਮੁਹਬੱਤ ਆਦਿ ਉਸ ਦੀਆਂ ਚਰਚਿਤ ਨਜ਼ਮਾਂ ਹਨ। ਮਿਸਾਲ ਵਜੋਂ :

     -    ਖ਼ੂਬ ਹੋਈਆਂ ਕੋਸ਼ਿਸ਼ਾਂ ਮੇਰੇ ਮਿਟਾਵਣ ਦੇ ਲਈ-

          ਇੱਕ ਨਵੀਂ ਉਗਦੀ ਹੋਈ ਆਸਾਂ ਦੀ ਕੋਮਲ ਵੇਲ ਨੂੰ

          ਜ਼ੁਲਮ ਦੇ ਪੈਰਾਂ ’ਚ ਰੋਲਣ ਤੇ ਦਬਾਵਣ ਦੇ ਲਈ-

          ਖ਼ੂਬ ਹੋਈਆਂ ਕੋਸ਼ਿਸ਼ਾਂ ਮੈਨੂੰ ਮਿਟਾਵਣ ਦੇ ਲਈ-

                             (ਸਮਾਜਵਾਦ)

          ਖੇਤ ਤੇਰੇ ਹੋਣ ਵਾਲੇ ਨੇ ਅਧੀਨ,

          ਦੇਸ਼ ਤੇਰਾ ਹੋਣ ਵਾਲਾ ਏ ਗ਼ੁਲਾਮ,

          ਜਾਗ ਜੀਵਨ ਦੀ ਕਲਾ ਦੇ ਇੰਤਕਾਮ।

          ਕਰ ਲਿਆ ਤੂੰ ਆਤਮਾ ਦੀ ਗੋਦ ਵਿੱਚ ਕਾਫੀ ਆਰਾਮ,

          ਖੂਨ ਦੀ ਹਰਕਤ ’ਚ ਕਿਧਰੇ ਬੈਠ ਨਾ ਜਾਏ ਹਰਾਮ।

          ਔਣ ਵਾਲੀ ਏ ਤੇਰੇ ਪਰਬਤ ਤੇ ਸ਼ਾਮ...।

                             (ਫੇਰ ਪਾਰੋ ਨੇ ਕਿਹਾ)

     ਬਾਵਾ ਬਲਵੰਤ ਨੇ ਕਾਵਿ-ਸਿਰਜਣਾ ਤੋਂ ਇਲਾਵਾ ਵਾਰਤਕ ਵਿੱਚ ਵੀ ਮਹੱਤਵਪੂਰਨ ਰਚਨਾ ਕੀਤੀ ਹੈ। ਕਿਸ-ਕਿਸ ਤਰ੍ਹਾਂ ਦੇ ਨਾਚ ਵਾਰਤਕ ਦੀ ਪਹਿਲੀ ਪੁਸਤਕ ਸੀ।

     ਬਾਵਾ ਬਲਵੰਤ ਦੀ ਚੋਣਵੀਂ ਗੱਦ-ਰਚਨਾ ਨੂੰ ਗੁਰਮੁਖ ਸਿੰਘ ਨੇ ਪੰਜ ਭਾਗਾਂ ਵਿਚ ਵੰਡਿਆ ਹੈ। ਰਾਗ ਤੇ ਰੰਗ ਦਾ ਨੂਰ ਤੇ ਹੋਰ ਲੇਖ ਬਾਵਾ ਬਲਵੰਤ ਦੇ ਲੇਖਾਂ ਦੇ ਸੰਗ੍ਰਹਿ ਹਨ ਜਿਨ੍ਹਾਂ ਨੂੰ ਗੁਰਮੁਖ ਸਿੰਘ ਨੇ ਸੰਪਾਦਿਤ ਕੀਤਾ ਹੈ।

     ਬਾਵਾ ਬਲਵੰਤ ਦੀ ਕਾਵਿ ਸੋਝੀ ਤ੍ਰੈ-ਕਾਲਕ ਹੈ। ਸਮਕਾਲੀ ਮਨੁੱਖੀ ਸਥਿਤੀ ਦੀ ਇਤਿਹਾਸਿਕ ਨਿਰੰਤਰਤਾ ਦੇ ਦ੍ਵੰਦਾਤਮਿਕ ਪਸਾਰਾਂ ਤੋਂ ਉਹ ਜਾਗਰੂਕ ਹੈ। ਇਹ ਤ੍ਰੈ-ਕਾਲਕ ਸੋਝੀ ਹੀ ਉਸ ਨੂੰ ਇਸ ਸਮਰੱਥ ਬਣਾਉਂਦੀ ਹੈ ਕਿ ਉਹ ਵਰਤਮਾਨ ਸਮਾਜੀ ਮਨੁੱਖੀ ਵਿਵਸਥਾ ਅਤੇ ਮਨੁੱਖੀ ਜ਼ਿੰਦਗੀ ਦੇ ਯਥਾਰਥ ਅਤੇ ਸੱਚ ਨੂੰ ਸਮਝਣ ਵੱਲ ਤੁਰਦਾ ਹੈ। ਰਾਜਸੀ ਆਰਥਿਕ ਸਥਿਤੀਆਂ ਪ੍ਰਤਿ ਸਤਰਕ ਰਹਿੰਦਾ ਹੈ ਪਰ ਨਾਲੋ-ਨਾਲ ਉਸ ਦੀ ਇਤਿਹਾਸਿਕ ਸੋਝੀ ਦਾ ਮੁੱਲਵਾਨ ਪਹਿਲੂ ਇਹ ਵੀ ਹੈ ਕਿ ਉਹ ਭੂਤ ਕਾਲ ਦੀ ਇਤਿਹਾਸਿਕ ਵਿਰਾਸਤ ਪ੍ਰਤਿ ਵੀ ਚੇਤੰਨ ਰਹਿੰਦਾ ਹੈ। ਇਸ ਤੇ ਜਾਇਜ਼ ਮਾਣ ਕਰਦਾ ਹੈ ਅਤੇ ਗ਼ਲਤ ਪਰੰਪਰਾ ਦੀ ਤਿੱਖੀ ਸੁਰ ਵਿੱਚ ਨਿੰਦਿਆ ਕਰਦਾ ਹੋਇਆ ਬਦਲਣ ਦਾ ਤਰਕ ਉਸਾਰਦਾ ਹੈ। ਭੂਤ ਅਤੇ ਵਰਤਮਾਨ ਦੀ ਇਹ ਨਿਆਰੀ ਇਤਿਹਾਸਿਕ ਸੋਝੀ ਹੀ ਉਸ ਨੂੰ ਭਵਿਖ ਮੁਖੀ ਸ਼ਾਇਰ ਬਣਾਉਂਦੀ ਹੈ। ਆਖ਼ਰ ਉਹ ਵਿਵਸਥਾ ਵਿੱਚ ਤਬਦੀਲੀ ਕਿਉਂ ਚਾਹੁੰਦਾ ਹੈ? ਉਹ ਸਮਾਜਵਾਦੀ ਸਮਾਜ ਦੀ ਸਥਾਪਨਾ ਲਈ ਕਿਉਂ ਪ੍ਰਤਿਬੱਧ ਹੈ? ਉਹ ਇਹਨਾਂ ਉਸਰੇ ਮਨੁੱਖੀ ਜੀਵਨ ਲਈ ਘਾਤਕ ਪ੍ਰਬੰਧਾਂ ਨੂੰ ਕਿਉਂ ਨੇਸੱਤ-ਨਾਬੂਕ ਕਰਨਾ ਚਾਹੁੰਦਾ ਹੈ? ਸਿਰਫ਼ ਤੇ ਸਿਰਫ਼ ਇਸ ਲਈ ਕਿ ਅੱਜ ਨਹੀਂ ਕੱਲ੍ਹ ਮਨੁੱਖ ਆਪਣੇ ਮਾਨਵੀ ਸ੍ਰੋਤ ਨੂੰ ਹਾਸਲ ਕਰ ਸਕੇ ਅਤੇ ਆਪਣੀ ਮਾਨਵਤਾ ਦੇ ਹਮਵਾਰ ਸਮੁੱਚੀ ਸਮਾਜਿਕ, ਰਾਜਸੀ, ਆਰਥਿਕ ਪੁਨਰ-ਸਿਰਜਣਾ ਕਰਦਾ ਰਹੇ। ਬਾਵਾ ਬਲਵੰਤ ਦੀ ਇਹ ਆਸਵੰਦ, ਭਵਿਖਮੁੱਖੀ ਮਾਨਵ ਕਲਿਆਣਕਾਰੀ ਜੀਵਨ ਦ੍ਰਿਸ਼ਟੀ ਉਸ ਦੀ ਸਾਹਿਤਕਤਾ ਦਾ ਅਮਰ ਤੱਤ ਹੈ ਜਿਸ ਦੀ ਅਜੋਕੇ ਸਮਾਜ ਅਤੇ ਮਨੁੱਖ ਨੂੰ ਵੱਡੀ ਲੋੜ ਹੈ।

   ਆਧੁਨਿਕ ਪੰਜਾਬੀ ਕਵਿਤਾ ਦੇ ਪ੍ਰਗਤੀਵਾਦੀ ਦੌਰ ਦਾ ਸ਼ਾਇਦ ਬਾਵਾ ਬਲਵੰਤ ਇੱਕੋ ਇੱਕ ਸ਼ਾਇਰ ਹੈ ਜਿਸਦੀ ਸਾਹਿਤਿਕ ਸੰਵੇਦਨਾ ਵਿੱਚ ਕਲਾ, ਪਿਆਰ ਤੇ ਕ੍ਰਾਂਤੀ ਇੱਕ ਭੱਖਦੇ ਅਤੇ ਜੀਵੰਤ ਸਮਤੋਲ ਵਿੱਚ ਹਾਜ਼ਰ ਹਨ। ਉਸ ਲਈ ਕਲਾ ਹੀ ਜੀਵਨ ਦੀ ਸੋਝੀ ਤੇ ਪੂਰਨਤਾ ਦਾ ਮਾਣਯੋਗ ਸਾਧਨ ਹੈ। ਪਿਆਰ ਵੀ ਮਨੁੱਖੀ ਜੀਵਨ ਦੀ ਪਵਿਤਰਤਾ ਤੇ ਉੱਚ ਇਨਸਾਨੀ ਕੀਮਤਾਂ ਦਾ ਸਾਕਾਰੀ- ਕਰਨ ਹੈ ਤੇ ਕ੍ਰਾਂਤੀ ਵੀ ਇਸੇ ਮਨੁੱਖੀ ਚਾਹਤ ਦੀ ਸੈਆਂ ਸੁਪਨਿਆਂ, ਸੈਆਂ ਮੁਸੀਬਤਾਂ ਸਮੇਤ ਮਾਨਵੀ ਲੋਚਾ। ਇਹੀ ਕਾਰਨ ਹੈ ਕਿ ਬਾਵਾ ਬਲਵੰਤ ਦੀ ਸ਼ਾਇਰੀ ਵਿੱਚ ਪਿਆਰ ਇੱਕ ਉਜਵਲ ਮਾਨਵੀ ਰਿਸ਼ਤੇ, ਪਾਕ ਮਨੁੱਖੀ ਕੀਮਤਾਂ ਅਤੇ ਉੱਦਾਤ ਭਾਵਕ ਹੁਲਾਰੇ ਦਾ ਹੀ ਰੂਪ ਹੈ। ਉਹ ਪਿਆਰ ਨੂੰ ਜ਼ਿੰਦਗੀ ਦੇ ਇਸ ਸਫ਼ਰ ਦੀ ਇੱਕ ਖ਼ੁਸ਼ਗਵਾਰ ਤੇ ਲਾਜ਼ਮੀ ਹਕੀਕਤ ਮੰਨਦਾ ਹੈ :

        - ਹੇ ਮੁਹੱਬਤ ਤੇਰੀ ਛੋਹ ਤੋਂ ਹੀ ਕਦੀ

          ਆਦਮੀ ਹੋਵੇਗਾ ਪੂਰਨ ਆਦਮੀ। -ਮੁਹੱਬਤ

        - ਪ੍ਰੇਮ ਨੇ ਸਮਝਾਇਆ ਆ ਕੇ

          ਜ਼ਿੰਦਗੀ ਦੇ ਰਾਜ਼ ਨੂੰ।

        - ਜੋ ਨਾ ਜਗਾਏ ਫੇਰ ਦਿਨ, ਦਿਲ ਦੀ ਉਹ ਆਵਾਜ਼ ਕੀ?

          ਜੇ ਨਹੀਂ ਜ਼ਿੰਦਗੀ ਲਈ, ਕਵਿਤਾ ਕਲਾ ਦਾ ਸਾਜ਼ ਕੀ?

                                      - ਕਵਿਤਾ

     ਕਾਵਿਕ ਸਿਰਜਣਾ ਦੇ ਪ੍ਰਸੰਗ ਵਿੱਚ ਉਸ ਨੇ ਨਜ਼ਮ, ਗ਼ਜ਼ਲ, ਗੀਤ, ਸੌਨਟ ਅਤੇ ਬੋਲੀਆਂ ਦੀ ਕਾਵਿ ਰੂਪਾਕਾਰਾਂ ਵਿੱਚ ਸਿਰਜਣਾ ਕੀਤੀ।

     ਪੰਜਾਬੀ ਦੇ ਸਮਰੱਥ ਅਤੇ ਗੌਰਵਸ਼ੀਲ ਸ਼ਾਇਰ ਅਤੇ ਪ੍ਰਬੀਨ ਵਾਰਤਕ ਲੇਖਕ ਬਾਵਾ ਬਲਵੰਤ ਨੇ ਜ਼ਿੰਦਗੀ ਦੀਆਂ ਤਲਖ਼ੀਆਂ, ਤੁਰਸ਼ੀਆਂ ਅਤੇ ਪਹਾੜਾਂ ਜਿਡੀਆਂ ਮੁਸੀਬਤਾਂ ਨੂੰ ਝੱਲਦਿਆਂ ਵੀ ਵੱਡੀ ਘਾਲਣਾ ਘਾਲੀ। ਬੇਅੰਤ ਥੁੜ੍ਹਾਂ ਵਾਲੀ ਜ਼ਿੰਦਗੀ ਗੁਜ਼ਾਰਦਿਆਂ ਵੀ ਮਨੁੱਖ ਦੀ ਗੌਰਵ ਗਾਥਾ ਸਿਰਜੀ, ਉਸ ਲਈ ਸੁਚੱਜੇ ਸਮਾਜ, ਸੁਘੜ ਇਨਸਾਨ ਅਤੇ ਸੱਚੀਆਂ-ਸੁੱਚੀਆਂ ਮਾਨਵੀ ਕੀਮਤਾਂ ਦੇ ਨਵੇਂ ਦਿਸਹੱਦੇ ਖੋਲ੍ਹੇ ਹਨ। ਅਜਿਹੇ ਸਾਹਿਤਕਾਰ ਤੇ ਹਰੇਕ ਪੰਜਾਬੀ ਨੂੰ ਹੀ ਨਹੀਂ, ਹਰੇਕ ਇਨਸਾਨ ਨੂੰ ਹੱਕੀ ਮਾਣ ਰਹੇਗਾ।


ਲੇਖਕ : ਜਸਵਿੰਦਰ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 12878, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਬਾਵਾ ਬਲਵੰਤ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਬਾਵਾ ਬਲਵੰਤ : ਇਹ ਪੰਜਾਬੀ ਪ੍ਰਗਤੀਵਾਦੀ ਕਾਵਿ ਧਾਰਾ ਦਾ ਪ੍ਰਮੁੱਖ ਚਿੰਤਕ, ਕਵੀ ਤੇ ਗੱਦਕਾਰ ਸੀ ਜਿਸ ਨੇ ਮੌਜੂਦਾ ਸਮਾਜਕ ਅਰਥ, ਧਾਰਮਕ ਤੇ ਰਾਜਨੀਤਕ ਨਜ਼ਾਮ ਤੋਂ ਅਸੰਤੁਸ਼ਟ ਰਹਿ ਕੇ ਇਸ ਦੀ ਥਾਂ ਸਮਾਜਵਾਦੀ ਨਜ਼ਾਮ ਲਿਆਉਣ ਦੇ ਲਕਸ਼ ਨੂੰ ਮੁੱਖ ਰੱਖ ਕੇ ਕਵਿਤਾ ਲਿਖੀ। ਇਸ ਦਾ ਜਨਮ ਅਟਾਰੀ ਨੇੜੇ ਨੇਸ਼ਠਾ ਪਿੰਡ ਵਿਚ ਠਾਕਰ ਦੀਨਾ ਨਾਥ ਦੇ ਘਰ ਹੋਇਆ। ਆਰਥਕ ਤੰਗੀਆਂ ਕਾਰਨ ਸਕੂਲ ਕਾਲਜ ਦੀ ਪੜ੍ਹਾਈ ਨਾ ਕਰ ਸਕਿਆ ਪਰ ਨਿਜੀ ਪੱਧਰ ਤੇ ਪੰਜਾਬੀ, ਹਿੰਦੀ, ਉਰਦੂ ਆਦਿ ਦਾ ਡੂੰਘਾ ਅਧਿਐਨ ਕੀਤਾ ਤੇ ਪੱਛਮੀ ਸਾਹਿਤ ਦੇ ਚਿੰਤਨ ਬਾਰੇ ਅਨੁਵਾਦਿਤ ਰਚਨਾਵਾਂ ਦੁਆਰਾ ਗਿਆਨ ਹਾਸਲ ਕੀਤਾ। ਇਸ ਨੇ ਰੋਜ਼ੀ ਰੋਟੀ ਖਾਤਰ ਕਈ ਨਿੱਕੇ ਮੋਟੇ ਧੰਦੇ ਅਪਣਾਏ ਪਰ ਕਾਮਯਾਬੀ ਨਾ ਮਿਲੀ। ਇਸ ਦੀ ਮੁਹੱਬਤ ਗਿਆਨ ਕਿਸ਼ਨਾ ਨਾਂ ਦੀ ਇਕ ਕੁੜੀ ਨਾਲ ਹੋ ਗਈ ਪਰ ਇਸ ਦੀ ਗ਼ਰੀਬੀ ਕਾਰਨ ਉਹ ਕੁੜੀ ਇਸ ਦੀ ਜ਼ਿੰਦਗੀ ਵਿਚੋਂ ਅਲੋਪ ਹੋ ਗਈ ਜਿਸ ਦਾ ਦੁੱਖ ਤੇ ਅਫ਼ਸੋਸ ਇਸ ਨੂੰ ਸਾਰੀ ਜ਼ਿੰਦਗੀ ਰਿਹਾ। ਇਸ ਨੇ ਵਿਆਹ ਕਰਵਾਇਆ ਪਰ ਆਪਣੀ ਬਦਸ਼ਕਲ ਪਤਨੀ ਦੀ ਸ਼ਕਲ ਦੇਖਦਿਆਂ ਇਹ ਗੁਪਤਵਾਸ ਗ੍ਰਹਿਣ ਕਰ ਗਿਆ। ਜਿੰਨਾ ਚਿਰ ਉਸ ਦੇ ਮਾਪਿਆਂ ਨੇ ਉਸ ਨੂੰ ਹੋਰ ਕਿਧਰੇ ਬਿਠਾ ਨਾ ਦਿੱਤਾ ਇਹ ਅਗਿਆਤ ਵਾਸ ਵਿਚ ਰਿਹਾ। ਇਉਂ ਇਸ ਦੀ ਜ਼ਿੰਦਗੀ ਦੁੱਖਾਂ ਤੇ ਨਾਕਾਮਯਾਬੀਆਂ ਨਾਲ ਭਰਪੂਰ ਸੀ। ਇਹ ਦੁੱਖ ਇਸ ਦੀਆਂ ਕਵਿਤਾਵਾਂ ਵਿਚ ਵਿਅਕਤ ਹੋਇਆ ਹੈ। 

ਇਸ ਦੀਆਂ ਪ੍ਰਮੁੱਖ ਰਚਨਾਵਾਂ –1. ਮਹਾ ਨਾਚ, 2. ਅਮਰਜੀਤ, 3. ਜਵਾਲਾਮੁਖੀ, 4. ਬੰਦਰਗਾਹ, 5. ਸੁਗੰਧ ਸਮੀਰ (ਕਾਵਿ ਸੰਗ੍ਰਹਿ), 6. ਕਿਸ ਕਿਸ ਤਰ੍ਹਾਂ ਦੇ ਨਾਚ, 7. ਬਾਵਾ ਬਲਵੰਤ ਦੀ ਚੋਣਵੀਂ ਗੱਦ ਰਚਨਾ (ਵਾਰਤਕ) ਹਨ। ਇਸ ਤੋਂ ਇਲਾਵਾ ਬਹੁਤ ਸਾਰੀਆਂ ਕਵਿਤਾਵਾਂ ਤੇ ਲੇਖ ਛਪੇ ਅਣ ਛਪੇ ਸੰਗ੍ਰਹਿ ਰੂਪ ਵਿਚ ਆਉਣ ਦੀ ਉਡੀਕ ਵਿਚ ਹਨ।

ਬਾਵਾ ਬਲਵੰਤ ਸਮਾਜਵਾਦੀ, ਵਿਚਾਰਧਾਰਾ ਵਾਲੀ ਕਾਵਿਧਾਰਾ ਵਿਚ ਆਪਸੀ ਵਿਚਾਰਾਂ ਦੀ ਪੁਖ਼ਤਗੀ ਤੇ ਕਲਾ ਪ੍ਰਵੀਨਤਾ ਕਾਰਨ ਅਗਲੀ ਕਤਾਰ ਦੇ ਕਵੀਆਂ ਵਿਚ ਪ੍ਰਮੁੱਖ ਸਥਾਨ ਦਾ ਧਾਰਨੀ ਕਵੀ ਸੀ। ਇਸ ਨੇ ਸੁਚੇਤ ਰੂਪ ਵਿਚ ਰਹੱਸਵਾਦ, ਅਧਿਆਤਮਵਾਦ ਤੇ ਰੁਮਾਂਸਵਾਦ ਨੂੰ ਤਿਆਗਿਆ। ਇਸ ਨੇ ਸੰਸਾਰ ਅਮਨ ਲਹਿਰ ਸਬੰਧੀ ਕਵਿਤਾਵਾਂ ਲਿਖੀਆਂ। ਵਹਿਮ, ਪਾਖੰਡ, ਪੁਰਾਤਨ ਰਸਮ ਰਿਵਾਜ ਅਤੇ  ਖ਼ਿਆਲੀ ਦੁਨੀਆ ਦਾ ਇਸ ਦੀ ਕਵਿਤਾ ਵਿਚ ਕੋਈ ਸਥਾਨ ਨਹੀਂ ਹੈ। ਇਹ ਤਾਂ ਨਿਗਰ ਅਤੇ ਮਾਨਵਵਾਦੀ ਮੁੱਲਾਂ ਉੱਤੇ ਆਧਾਰਿਤ ਨਰੋਏ ਸਮਾਜ ਦੀ ਕਲਪਨਾ ਕਰਦਾ ਹੈ ਜਿਸ ਵਿਚ ਗਰੀਬ ਅਮੀਰ, ਜਾਤ-ਪਾਤ ਧਰਮ-ਕਰਮ, ਊਚ-ਨੀਚ ਆਦਿ ਦਾ ਕੋਈ ਵਿਤਕਰਾ ਨਾ ਹੋਵੇ। 

ਬਾਵਾ ਬਲਵੰਤ ਨੇ ਕਾਵਿ ਰਚਨਾ ਦੇ ਨਾਲ ਨਾਲ ਨਿਰੰਤਰ ਗਦ ਰਚਨਾ ਵੀ ਕੀਤੀ। ਇਸ ਦੇ ਜੀਵਨ ਕਾਲ ਵਿਚ ਇਸ ਦੇ ਲੇਖਾਂ ਦਾ ਸੰਗ੍ਰਹਿ ‘ਕਿਸ ਤਰ੍ਹਾਂ ਦੇ ਨਾਚ’ ਛਪਿਆ ਜਿਸ ਵਿਚ ਵੱਖ ਵੱਖ ਵਿਸ਼ਿਆਂ ਬਾਰੇ ਇਸ ਨੇ ਆਪਣਾ ਨਿਵੇਕਲੇ ਵਿਅੰਗਮਈ ਅੰਦਾਜ਼ ਲਿਖਿਆ। ਇਹ ਪੁਸਤਕ ਬੜੀ ਲੋਕ ਪ੍ਰਿਯ ਰਹੀ ਤੇ ਇਸ ਵਿਚਲੇ ਕਈ ਲੇਖ ਪਾਠ ਪੁਸਤਕਾਂ ਵਿਚ ਸ਼ਾਮਲ ਕੀਤੇ ਗਏ। ਇਸ ਦੀ ਯਾਦ ਰਚਨਾ ਦਾ ਇਕ ਸੰਗ੍ਰਹਿ-ਬਾਵਾ ਬਲਵੰਤ ਦੀ ਚੋਣਵੀਂ ਗਦ ਰਚਨਾ ਛਪਿਆ ਹੈ ਜਿਸ ਵਿਚ ਇਸ ਦੇ ਵੱਖ ਵੱਖ ਵਿਸ਼ਿਆਂ ਉੱਪਰ ਲਿਖੇ ਲੇਖ ਸੰਗ੍ਰਹਿ ਹਨ। ਇਸ ਵਿਚ ਸ਼ਹੀਦਾਂ, ਦੇਸ਼ਭਗਤਾਂ, ਸਾਹਿਤਕਾਰਾਂ ਆਦਿ ਬਾਰੇ ਉੱਤਮ ਕਿਸਮ ਦੇ ਲੇਖ ਹਨ। ਇਸ ਨੇ ਸਮਕਾਲੀ ਸਮੱਸਿਆਵਾਂ ਬਾਰੇ ਵੀ ਲਿਖਿਆ ਹੈ ਤੇ ਸਾਹਿਤ ਅਤੇ ਕਲਾ ਦੇ ਸਿਧਾਂਤਕ ਪੱਖਾਂ ਬਾਰੇ ਬੜੇ ਗੰਭੀਰ ਲੇਖ ਲਿਖੇ। 

ਇਹ ਮਹਾਂਕਵੀ ਰੋਜ਼ੀ ਰੋਟੀ ਦੀ ਭਾਲ ਵਿਚ ਦਿੱਲੀ ਚਲਾ ਗਿਆ ਜਿਥੇ ਨਵਯੁਗ ਪ੍ਰੈੱਸ ਵਿਚ ਪਰੂਫ ਆਦਿ ਪੜ੍ਹਨ ਦਾ ਕਾਰਜ ਕਰਦਾ ਰਿਹਾ। ਗਰਮੀ ਦੀ ਰੁੱਤੇ 1992 ਈ. ਵਿਚ ਇਕ ਦੁਪਹਿਰ ਲੂ ਲੱਗਣ ਨਾਲ ਸੜਕ ਤੇ ਹੀ ਗੁਜ਼ਰ ਗਿਆ। 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3902, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-06-10-56-08, ਹਵਾਲੇ/ਟਿੱਪਣੀਆਂ: ਹ. ਪੁ. –ਲਿ. ਕੋ. -ਰਾਮਦੇਵ; ਪੰ. ਸਾ. ਇ. (ਭਾ. ਵਿ. ਪੰ.)

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.